ਸ੍ਰੀਨਗਰ : ਕਸ਼ਮੀਰ 'ਚ ਇਸ ਸਮੇਂ ਭਾਰੀ ਬਰਫ਼ਬਾਰੀ ਦਾ ਦੌਰ ਚਲ ਰਿਹਾ ਹੈ। ਬਰਫ਼ਬਾਰੀ ਕਾਰਨ ਮੰਗਲਵਾਰ ਨੂੰ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ, "ਸ੍ਰੀਨਗਰ ਹਵਾਈ ਅੱਡੇ 'ਤੇ ਖਰਾਬ ਮੌਸਮ ਅਤੇ ਲਗਾਤਾਰ ਬਰਫਬਾਰੀ ਦੇ ਮੱਦੇਨਜ਼ਰ ਏਅਰਲਾਈਨਜ਼ ਨੇ ਅੱਜ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਹਨ।"
ਇਹ ਵੀ ਪੜ੍ਹੋ : ਕੈਨੇਡਾ ਤੋਂ ਵੱਡੀ ਖ਼ਬਰ: ਮਸ਼ਹੂਰ ਪੰਜਾਬੀ ਗਾਇਕ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ
ਹੁਣ ਤੱਕ ਕੁੱਲ 58 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 29 ਇੱਥੇ ਪਹੁੰਚਣ ਵਾਲੀਆਂ ਅਤੇ 29 ਇੱਥੋਂ ਰਵਾਨਾ ਹੋਣ ਵਾਲੀਆਂ ਹਨ। ਅਧਿਕਾਰੀ ਨੇ ਕਿਹਾ, "ਮੁਸਾਫਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਵੀਨਤਮ ਜਾਣਕਾਰੀ ਅਤੇ ਵਿਕਲਪਕ ਪ੍ਰਬੰਧਾਂ ਲਈ ਆਪਣੀਆਂ ਸਬੰਧਤ ਏਅਰਲਾਈਨਾਂ ਦੇ ਸੰਪਰਕ ਵਿੱਚ ਰਹਿਣ।" ਉਡਾਣਾਂ ਦੇ ਰੱਦ ਹੋਣ ਨਾਲ ਸੈਂਕੜੇ ਸੈਲਾਨੀ ਕਸ਼ਮੀਰ ਵਿੱਚ ਫਸ ਗਏ ਹਨ, ਜਿਨ੍ਹਾਂ ਨੇ ਘਾਟੀ ਵਿੱਚ ਸ਼ਨੀਵਾਰ ਅਤੇ ਗਣਤੰਤਰ ਦਿਵਸ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਵਾਪਸ ਆਉਣਾ ਸੀ।