ਖੰਨਾ, 30 ਅਗਸਤ (ਰਾਜਵਿੰਦਰ ਰਾਜੂ) : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਰਾਮਗੜੀਆ ਭਵਨ, ਖੰਨਾ ਵਿਖੇ ‘ਸਖੀਆਂ ਦਾ ਮਾਣ-ਸਨਮਾਨ’ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਹਲਕੇ ਦੀਆਂ 1147 ‘ਸਤਿਕਾਰ ਸਖੀਆਂ’ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਸਮਾਜਿਕ ਯੋਗਦਾਨ ਤੇ ਸੇਵਾਭਾਵ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਸਤਿਕਾਰ ਸਖੀਆਂ ਨੇ ਮੰਤਰੀ ਸੌਂਦ ਨੂੰ ਰੱਖੜੀਆਂ ਬੰਨ੍ਹ ਕੇ ਤਿਉਹਾਰ ਮਨਾਇਆ। ਸੌਂਦ ਨੇ ਕਿਹਾ ਕਿ ਮਾਵਾਂ, ਭੈਣਾਂ ਅਤੇ ਧੀਆਂ ਵੱਲੋਂ ਮਿਲਿਆ ਪਿਆਰ ਤੇ ਸਤਿਕਾਰ ਉਨ੍ਹਾਂ ਲਈ ਵੱਡੀ ਦਾਤ ਹੈ। ਉਨ੍ਹਾਂ ਕਿਹਾ ਕਿ ਸਤਿਕਾਰ ਸਖੀਆਂ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪੰਜਾਬ ਸਰਕਾਰ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇ ਨਾਲ ਸਨਮਾਨ, ਸੁਰੱਖਿਆ ਅਤੇ ਆਤਮ-ਨਿਰਭਰਤਾ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਰੱਖੜੀ ਮੌਕੇ ਰਾਸ਼ੀ ਜਾਰੀ ਕੀਤੀ ਗਈ, ਜਿਸ ਦਾ 75 ਲੱਖ ਤੋਂ ਵੱਧ ਮਹਿਲਾਵਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਵੱਲੋਂ ਸਤਿਕਾਰ ਸਖੀਆਂ ਨੇ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ, ਮਹਿਲਾਵਾਂ ਨੂੰ ਯੋਜਨਾ ਬਾਰੇ ਜਾਣਕਾਰੀ ਦੇਣ ਅਤੇ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕਰਨ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਸੌਂਦ ਨੇ ਸਾਰੀਆਂ ਸਤਿਕਾਰ ਸਖੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸਮਰਪਣ ਅਤੇ ਸੇਵਾਭਾਵ ਲਈ ਧੰਨਵਾਦ ਕੀਤਾ।