ਪਟਿਆਲਾ, (ਹਿੰ.ਸ.) ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਨਿਗਮ ਪਟਿਆਲਾ ਵੱਲੋਂ ਸਾਂਝੇ ਤੌਰ 'ਤੇ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪਟਿਆਲਾ’ ਤਹਿਤ ਸ਼ਹਿਰ ਦੀਆਂ ਪੰਜ ਪ੍ਰਮੁੱਖ ਸੜਕਾਂ 'ਤੇ ਵਿਸ਼ਾਲ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੋ ਦਿਨਾਂ ਅਭਿਆਨ ਦੌਰਾਨ ਛੇ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ, ਸਰਕਾਰੀ ਕਰਮਚਾਰੀਆਂ ਅਤੇ ਸਵੈ-ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਮਿਲ ਕੇ ਨਾਭਾ ਰੋਡ, ਇਨਕਮ ਟੈਕਸ ਰੋਡ, ਜੇਲ੍ਹ-ਭਾਦਸੋਂ ਰੋਡ, ਘੁੰਮਣ ਰੋਡ ਅਤੇ ਪ੍ਰਤਾਪ ਨਗਰ ਰੋਡ ਤੋਂ ਕਰੀਬ 1700 ਕਿਲੋਗ੍ਰਾਮ ਕੂੜਾ ਇਕੱਠਾ ਕੀਤਾ। ਇਸ ਸਫ਼ਾਈ ਅਭਿਆਨ ਵਿੱਚ ਬਲਾਸਮ ਸੀਨੀਅਰ ਸੈਕੰਡਰੀ ਸਕੂਲ, ਸੇਂਟ ਪੀਟਰਜ਼ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਿਵਲ ਲਾਈਨਜ਼ ਸਕੂਲ ਅਤੇ ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਤੋਂ ਇਲਾਵਾ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਵੀ ਇਸ ਮੁਹਿੰਮ ਨਾਲ ਜੁੜੀਆਂ ਰਹੀਆਂ। ਸਮਾਜ ਸੇਵੀ ਸੰਸਥਾ "ਮੇਰਾ ਪਟਿਆਲਾ ਮੈਂ ਹੀ ਸਵਾਰਾਂ" ਦੇ ਮੈਂਬਰਾਂ ਨੇ ਵੀ ਨਾਭਾ ਰੋਡ ਅਤੇ ਭਾਦਸੋਂ ਰੋਡ 'ਤੇ ਸਫ਼ਾਈ ਕਾਰਜ ਵਿੱਚ ਸਰਗਰਮ ਭੂਮਿਕਾ ਨਿਭਾਈ।
ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਅਪ੍ਰੈਲ 2026 ਵਿੱਚ ਸ਼ੁਰੂ ਕੀਤਾ ਗਿਆ ‘ਮਿਸ਼ਨ ਕਲੀਨ ਪਟਿਆਲਾ’ ਹੁਣ ਸ਼ਹਿਰ ਪੱਧਰੀ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਕਰੀਬ 30 ਸੰਸਥਾਵਾਂ ਨੇ 30 ਤੋਂ ਵੱਧ ਜਨਤਕ ਸਥਾਨਾਂ ਨੂੰ ਗੋਦ ਲੈ ਕੇ ਸਫ਼ਾਈ ਅਤੇ ਵਾਤਾਵਰਣ ਸੰਭਾਲ ਦਾ ਜ਼ਿੰਮਾ ਚੁੱਕਿਆ ਸੀ, ਜਦਕਿ ਜੁਲਾਈ 2026 ਵਿੱਚ ਸ਼ੁਰੂ ਹੋਏ ਦੂਜੇ ਪੜਾਅ ਵਿੱਚ ਹੋਰ ਪੰਜ ਸੰਸਥਾਵਾਂ ਦੇ ਸ਼ਾਮਲ ਹੋਣ ਨਾਲ ਹੁਣ ਇਸ ਮੁਹਿੰਮ ਨਾਲ ਜੁੜੀਆਂ ਸੰਸਥਾਵਾਂ ਦੀ ਗਿਣਤੀ 37 ਹੋ ਗਈ ਹੈ। ਰੀਨਾ ਗੁਪਤਾ ਨੇ ਕਿਹਾ ਕਿ ਸਭ ਤੋਂ ਸਾਫ਼ ਸ਼ਹਿਰ ਉਹੀ ਹੁੰਦੇ ਹਨ ਜਿੱਥੇ ਹਰ ਨਾਗਰਿਕ ਆਪਣੇ ਘਰ, ਦਫ਼ਤਰ ਜਾਂ ਸੰਸਥਾ ਦੇ ਬਾਹਰ ਦੀ ਸੜਕ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਸੰਸਥਾ ਹਰ ਮਹੀਨੇ ਕੁਝ ਸਮਾਂ ਕਿਸੇ ਇੱਕ ਜਨਤਕ ਸਥਾਨ ਦੀ ਸਫ਼ਾਈ ਲਈ ਸਮਰਪਿਤ ਕਰੇ ਤਾਂ ਪਟਿਆਲਾ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਹੋਰ ਸਾਫ਼-ਸੁਥਰਾ ਅਤੇ ਰਹਿਣਯੋਗ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਮਾਜਿਕ ਸੰਸਥਾਵਾਂ ਅਤੇ ਗੈਰ-ਸਸਰਕਾਰੀ ਸੰਗਠਨਾਂ ਨੂੰ ਵੀ ਇਸ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮਿਸ਼ਨ ਕਲੀਨ ਪਟਿਆਲਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 700 ਤੋਂ ਵੱਧ ਭਾਗੀਦਾਰ 29 ਤੋਂ ਵੱਧ ਸਫ਼ਾਈ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਸ਼ਾਮਲ ਹੋ ਚੁੱਕੇ ਹਨ। ਥਾਪਰ ਇੰਸਟੀਚਿਊਟ, ਪੰਜਾਬੀ ਯੂਨੀਵਰਸਿਟੀ, ਡੀ.ਏ.ਵੀ. ਪਬਲਿਕ ਸਕੂਲ, ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਆਈ.ਟੀ.ਆਈ., ਸਰਕਾਰੀ ਪੌਲੀਟੈਕਨਿਕ ਕਾਲਜ, ਯਾਦਵੇਂਦਰਾ ਪਬਲਿਕ ਸਕੂਲ ਸਮੇਤ ਕਈ ਵਿਦਿਅਕ ਸੰਸਥਾਵਾਂ ਇਸ ਮੁਹਿੰਮ ਦਾ ਹਿੱਸਾ ਬਣੀਆਂ ਹੋਈਆਂ ਹਨ।