ਬਿਸ਼ਕੇਕ, 1 ਸਤੰਬਰ (ਹਿੰ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਵਿੱਚ ਅੱਤਵਾਦ ਖ਼ਿਲਾਫ਼ ਨਿਰਣਾਇਕ ਅਤੇ ਇਕਜੁੱਟ ਕਾਰਵਾਈ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਵਿੱਤ ਪ੍ਰਦਾਨ ਕਰਨ, ਭਰਤੀ ਕਰਨ, ਕੱਟੜਪੰਥੀ ਬਣਾਉਣ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਵਾਲੇ ਪੂਰੇ ਈਕੋਸਿਸਟਮ ਨੂੰ ਖਤਮ ਕਰਨਾ ਪਵੇਗਾ। ਅੱਤਵਾਦ ਦੇ ਮੁੱਦੇ ’ਤੇ ਦੋਹਰੇ ਮਾਪਦੰਡਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪ੍ਰਧਾਨ ਮੰਤਰੀ ਨੇ ਐੱਸਸੀਓ ਦੀ 25ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ 26ਵੇਂ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ 25 ਸਾਲਾਂ ਵਿੱਚ ਸੰਗਠਨ ਨੂੰ ਸਹਿਯੋਗ ਨੂੰ ਠੋਸ ਨਤੀਜਿਆਂ ਵਿੱਚ ਬਦਲਣ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਭਾਰਤ ਦੇ ਐੱਸਸੀਓ ਵਿਜ਼ਨ ਦੇ ਤਿੰਨ ਮੁੱਖ ਥੰਮ੍ਹਾਂ ਸੁਰੱਖਿਆ, ਸੰਪਰਕ ਅਤੇ ਮੌਕੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਤਿੰਨਾਂ ਥੰਮ੍ਹਾਂ ਨੂੰ ਦ੍ਰਿਸ਼ਟੀ ਤੋਂ ਠੋਸ ਨਤੀਜਿਆਂ ਵੱਲ ਉੱਚਾ ਚੁੱਕਿਆ ਜਾਵੇ। ਮੋਦੀ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਪੂਰੇ ਯੂਰੇਸ਼ੀਆ ਲਈ ਮਹੱਤਵਪੂਰਨ ਹੈ। ਉਨ੍ਹਾਂ ਪੱਛਮੀ ਏਸ਼ੀਆ ਦੇ ਸੰਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਟਕਰਾਅ ਦਾ ਪ੍ਰਭਾਵ ਊਰਜਾ ਸੁਰੱਖਿਆ, ਸਮੁੰਦਰੀ ਵਪਾਰ ਅਤੇ ਗਲੋਬਲ ਸਪਲਾਈ ਚੇਨਾਂ ’ਤੇ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਣਾਅ ਅਤੇ ਯੁੱਧਾਂ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਨਸ਼ਿਆਂ ਦੀ ਤਸਕਰੀ ਨੂੰ ਨੌਜਵਾਨਾਂ ਅਤੇ ਖੇਤਰੀ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਿਆ। ਉਨ੍ਹਾਂ ਐੱਸਸੀਓ ਦੇਸ਼ਾਂ ਵਿਚਕਾਰ ਸੜਕ, ਰੇਲ ਅਤੇ ਹਵਾਈ ਸੰਪਰਕ ਵਧਾਉਣ ਦੇ ਨਾਲ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਅਤੇ ਡਿਜੀਟਲ ਦਸਤਾਵੇਜ਼ੀਕਰਨ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਐੱਸਸੀਓ ਸਹਿਯੋਗ ਦਾ ਲਾਭ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਨੌਜਵਾਨਾਂ, ਉੱਦਮੀਆਂ ਅਤੇ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰਨਾ ਸੰਗਠਨ ਦੀ ਸਫਲਤਾ ਦਾ ਅਹਿਮ ਮਾਪਦੰਡ ਹੋਣਾ ਚਾਹੀਦਾ ਹੈ। ਮੋਦੀ ਨੇ ਕਿਰਗਿਸਤਾਨ ਦੇ ਰਾਸ਼ਟਰਪਤੀ ਸਾਦਿਰ ਜਾਪਾਰੋਵ ਦਾ ਨਿੱਘੇ ਸਵਾਗਤ ਅਤੇ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਿਆਂ ਦੋਵਾਂ ਦੇਸ਼ਾਂ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਐੱਸਸੀਓ ਦੀ ਵੱਡੀ ਤਾਕਤ ਦੱਸਿਆ।