'ਸ਼ੇਰ-ਏ-ਪੰਜਾਬ ਟੀ-20 ਲੀਗ' ਦੀ ਰਸਮੀ ਸ਼ੁਰੂਆਤ

*ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਸ਼ੁਰੂਆਤ; ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸਟਾਰ ਕ੍ਰਿਕਟਰ

'ਸ਼ੇਰ-ਏ-ਪੰਜਾਬ' ਟੀ-20 ਲੀਗ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਲਈ ਸੁਨਹਿਰੀ ਮੰਚ ਪ੍ਰਦਾਨ ਕਰੇਗਾ। ਪੰਜਾਬ ਨੇ ਹਮੇਸ਼ਾ ਬਿਹਤਰਹੀਨ ਕ੍ਰਿਕਟਰ ਪੈਦਾ ਕੀਤੇ ਹਨ। ਇਸ ਲੀਗ ਨਾਲ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਨ 'ਚ ਮਦਦ ਮਿਲੇਗੀ।

By : True Update , Harmanjot Singh
*ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਸ਼ਾਨਦਾਰ ਸ਼ੁਰੂਆਤ; ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਵਰਗੇ ਸਟਾਰ ਕ੍ਰਿਕਟਰ

ਨਿਊ ਚੰਡੀਗੜ੍ਹ, ਅੱਜ ਇਥੇ ਨਿਊ ਚੰਡੀਗੜ੍ਹ ਦੇ ਪੀ.ਸੀ.ਏ. ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ 'ਸ਼ੇਰ-ਏ-ਪੰਜਾਬ ਟੀ-20 ਲੀਗ' ਦੀ ਰਸਮੀ ਸ਼ੁਰੂਆਤ ਕੀਤੀ ਗਈ, ਜੋ ਕਿ ਪੰਜਾਬ ਲਈ ਕ੍ਰਿਕਟ ਦੇ ਇੱਕ ਨਵੇਂ ਅਤੇ ਸੁਨਿਹਰੀ ਅਧਿਆਏ ਦੀ ਸ਼ੁਰੂਆਤ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ, "ਸ਼ੇਰ-ਏ-ਪੰਜਾਬ ਟੀ-20 ਲੀਗ ਨੌਜਵਾਨ ਕ੍ਰਿਕਟਰਾਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਪੰਜਾਬ ਤੇ ਭਾਰਤ ਲਈ ਖੇਡਣ ਵੱਲ ਅੱਗੇ ਵਧਣ ਦਾ ਇੱਕ ਸ਼ਾਨਦਾਰ ਮੰਚ ਹੈ। ਪੰਜਾਬ ਨੇ ਹਮੇਸ਼ਾ ਬਿਹਤਰੀਨ ਕ੍ਰਿਕਟਰ ਪੈਦਾ ਕੀਤੇ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਲੀਗ ਅਜਿਹੇ ਹੋਰ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਨ ਵਿੱਚ ਮਦਦ ਕਰੇਗੀ। ਮੈਂ ਇਸ ਸ਼ਾਨਦਾਰ ਪਹਿਲਕਦਮੀ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਵਧਾਈ ਦਿੰਦਾ ਹਾਂ ਅਤੇ ਲੀਗ ਦੀ ਵੱਡੀ ਸਫਲਤਾ ਦੀ ਕਾਮਨਾ ਕਰਦਾ ਹਾਂ।" ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, "ਪੰਜਾਬ ਹਮੇਸ਼ਾ ਤੋਂ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਰਿਹਾ ਹੈ। ਲਾਲਾ ਅਮਰਨਾਥ ਤੋਂ ਲੈ ਕੇ ਯੁਵਰਾਜ ਸਿੰਘ ਵਰਗੇ ਮਹਾਨ ਖਿਡਾਰੀਆਂ ਅਤੇ ਹੁਣ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਹਰਮਨਪ੍ਰੀਤ ਕੌਰ ਵਰਗੇ ਖਿਡਾਰੀਆਂ ਤੱਕ, ਸੂਬੇ ਨੇ ਲਗਾਤਾਰ ਵਿਸ਼ਵ ਪੱਧਰੀ ਕ੍ਰਿਕਟਰ ਦਿੱਤੇ ਹਨ। ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ। ਇਸੇ ਲਈ ਸਾਨੂੰ ਵਿਸ਼ਵਾਸ ਹੈ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਦੇਸ਼ ਦੇ ਪ੍ਰਮੁੱਖ ਘਰੇਲੂ ਟੀ-20 ਟੂਰਨਾਮੈਂਟਾਂ ਵਿੱਚੋਂ ਇੱਕ ਬਣ ਕੇ ਉੱਭਰੇਗੀ।" ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਲੀਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਇੱਕ ਦੂਰਅੰਦੇਸ਼ੀ ਪਹਿਲਕਦਮੀ ਹੈ ਅਤੇ ਇਸਦਾ ਉਦੇਸ਼ ਪੰਜਾਬ ਦੇ ਉਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਖੇਡ ਦੇ ਉੱਚ ਪੱਧਰ 'ਤੇ ਪਹੁੰਚਣ ਲਈ ਇੱਕ ਪੇਸ਼ੇਵਰ ਮੰਚ ਪ੍ਰਦਾਨ ਕਰਨਾ ਹੈ। ਸ਼ੇਰ-ਏ-ਪੰਜਾਬ ਟੀ-20 ਲੀਗ ਦੀ ਨਿਲਾਮੀ 9 ਅਗਸਤ ਨੂੰ ਹੋਵੇਗੀ, ਜਿਸ ਵਿੱਚ ਅੰਮ੍ਰਿਤਸਰ, ਫਾਜ਼ਿਲਕਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਬਠਿੰਡਾ ਦੀਆਂ ਛੇ ਫਰੈਂਚਾਈਜ਼ੀਆਂ ਆਪਣੀਆਂ ਟੀਮਾਂ ਦੀ ਚੋਣ ਕਰਨਗੀਆਂ। ਹਰ ਫਰੈਂਚਾਈਜ਼ੀ ਖਿਡਾਰੀਆਂ ਉੱਪਰ ਕੁੱਲ 45 ਲੱਖ ਰੁਪਏ ਖਰਚ ਕਰ ਸਕੇਗੀ। ਉਹ ਵੱਧ ਤੋਂ ਵੱਧ 20 ਖਿਡਾਰੀਆਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਸਕੇਗੀ। ਮਾਰਕੀ ਖਿਡਾਰੀ ਦੀ ਕੀਮਤ 10 ਲੱਖ ਰੁਪਏ ਤੈਅ ਕੀਤੀ ਗਈ ਹੈ, ਜਦਕਿ ਆਈਕਨ ਖਿਡਾਰੀ ਦੀ ਬੇਸ ਕੀਮਤ 1.50 ਲੱਖ ਰੁਪਏ ਹੈ। ਇਸ ਤੋਂ ਇਲਾਵਾ ਪੰਜਾਬ ਦੇ ਫਸਟ ਕਲਾਸ, ਅੰਡਰ-23, ਅੰਡਰ-19 ਅਤੇ ਜ਼ਿਲ੍ਹਾ ਪੱਧਰ ਦੇ ਖਿਡਾਰੀਆਂ ਲਈ ਵੀ ਵੱਖ-ਵੱਖ ਬੇਸ ਕੀਮਤ ਨਿਰਧਾਰਤ ਕੀਤੀ ਗਈ ਹੈ।