ਚੰਡੀਗੜ੍ਹ, 13 ਅਗਸਤ (ਹਿੰ.ਸ.) ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ (ਪੀਐਸਐਫਸੀ) ਦੇ ਚੇਅਰਮੈਨ ਪ੍ਰੋ. ਡਾ. ਸੁਖਪਾਲ ਸਿੰਘ ਦੀ ਅਗਵਾਈ ਹੇਠ ਅਮਰੀਕੀ ਖੇਤੀਬਾੜੀ ਵਿਭਾਗ (ਯੂਐੱਸਡੀਏ) ਦੇ ਵਫ਼ਦ ਨਾਲ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਦੀ ਖੇਤੀਬਾੜੀ, ਫਸਲੀ ਵਿਭਿੰਨਤਾ, ਖੇਤੀ ਤਕਨਾਲੋਜੀ, ਨਿਰਯਾਤ, ਕਿਸਾਨਾਂ ਦੀ ਆਮਦਨ ਅਤੇ ਭਾਰਤ-ਅਮਰੀਕਾ ਖੇਤੀਬਾੜੀ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਫਾਰਨ ਐਗਰੀਕਲਚਰ ਸਰਵਿਸ, ਯੂਐੱਸਡੀਏ ਨਵੀਂ ਦਿੱਲੀ ਦੇ ਸੀਨੀਅਰ ਖੇਤੀਬਾੜੀ ਮਾਹਿਰ ਡਾ. ਸੰਤੋਸ਼ ਕੁਮਾਰ ਸਿੰਘ ਨੇ ਪੀਐਸਐਫਸੀ ਨਾਲ ਮੁਲਾਕਾਤ ਕਰਕੇ ਭਾਰਤੀ ਅਤੇ ਵਿਸ਼ਵ ਖੇਤੀਬਾੜੀ ਦੇ ਮੌਜੂਦਾ ਹਾਲਾਤ ਅਤੇ ਦੋਵਾਂ ਦੇਸ਼ਾਂ ਵਿਚਾਲੇ ਖੇਤੀਬਾੜੀ ਵਪਾਰ ਤੇ ਸਹਿਯੋਗ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. ਡਾ. ਸੁਖਪਾਲ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਪੰਜਾਬ ਦੇ ਖੇਤੀਬਾੜੀ ਖੇਤਰ ਵਿੱਚ ਹੋ ਰਹੇ ਵਿਕਾਸ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਡਾ. ਰਣਜੋਧ ਸਿੰਘ ਬੈਂਸ ਨੇ ‘ਪੰਜਾਬ ਖੇਤੀਬਾੜੀ 2026: ਉਤਪਾਦਨ ਦੀਆਂ ਸੰਭਾਵਨਾਵਾਂ, ਫਸਲੀ ਵਿਭਿੰਨਤਾ ਅਤੇ ਪੰਜਾਬ-ਅਮਰੀਕਾ ਖੇਤੀਬਾੜੀ ਸਹਿਯੋਗ’ ਵਿਸ਼ੇ ’ਤੇ ਪੇਸ਼ਕਾਰੀ ਦਿੱਤੀ। ਉਨ੍ਹਾਂ ਕਣਕ-ਝੋਨੇ ਦੀ ਰਵਾਇਤੀ ਪ੍ਰਣਾਲੀ ਤੋਂ ਬਾਹਰ ਨਿਕਲ ਕੇ ਮੱਕੀ, ਕਪਾਹ, ਬਾਸਮਤੀ, ਦਾਲਾਂ, ਤੇਲ ਬੀਜ, ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਬਿਹਤਰ ਮੰਡੀਕਰਨ, ਸਰਕਾਰੀ ਖਰੀਦ ਅਤੇ ਕਿਸਾਨਾਂ ਨੂੰ ਫਸਲਾਂ ਦਾ ਉਚਿਤ ਮੁੱਲ ਯਕੀਨੀ ਬਣਾਉਣ ਦੇ ਮੁੱਦੇ ਵੀ ਉਠਾਏ ਗਏ। ਪੰਜਾਬ ਵੱਲੋਂ ਬਾਸਮਤੀ, ਸ਼ਹਿਦ, ਹਲਦੀ, ਫਲਾਂ, ਸਬਜ਼ੀਆਂ ਅਤੇ ਹੋਰ ਗੈਰ-ਜੀਐਮਓ ਉਤਪਾਦਾਂ ਦੇ ਨਿਰਯਾਤ ਦੀ ਸਮਰੱਥਾ ਬਾਰੇ ਵੀ ਚਰਚਾ ਕੀਤੀ ਗਈ। ਡਾ. ਸੰਤੋਸ਼ ਕੁਮਾਰ ਸਿੰਘ ਨੇ ਭਾਰਤ ਅਤੇ ਅਮਰੀਕਾ ਵਿੱਚ ਖੇਤੀਬਾੜੀ ਦੇ ਢਾਂਚੇ, ਖੇਤਾਂ ਦੇ ਆਕਾਰ, ਫਸਲ ਬੀਮਾ ਅਤੇ ਮਸ਼ੀਨੀਕਰਨ ਵਿੱਚ ਅੰਤਰ ਸਬੰਧੀ ਵਿਚਾਰ ਸਾਂਝੇ ਕੀਤੇ। ਪ੍ਰੋ. ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਔਸਤ ਜ਼ਮੀਨ ਮਾਲਕੀ ਲਗਭਗ 2 ਏਕੜ ਹੈ, ਜਦਕਿ ਪੰਜਾਬ ਵਿੱਚ ਇਹ ਲਗਭਗ 9 ਏਕੜ ਹੈ। ਹਾਲਾਂਕਿ ਉੱਚੀਆਂ ਠੇਕਾ ਦਰਾਂ, ਖਾਦਾਂ-ਬੀਜਾਂ ਦੀਆਂ ਕੀਮਤਾਂ ਅਤੇ ਵਧ ਰਹੇ ਉਤਪਾਦਨ ਖਰਚਿਆਂ ਕਾਰਨ ਪੰਜਾਬ ਦੇ ਕਿਸਾਨਾਂ ’ਤੇ ਵਿੱਤੀ ਬੋਝ ਵਧ ਰਿਹਾ ਹੈ। ਮੀਟਿੰਗ ਦੇ ਅੰਤ ਵਿੱਚ ਖੇਤੀਬਾੜੀ, ਤਕਨਾਲੋਜੀ, ਵਪਾਰ, ਫਸਲੀ ਵਿਭਿੰਨਤਾ ਅਤੇ ਟਿਕਾਊ ਸਰੋਤ ਪ੍ਰਬੰਧਨ ਦੇ ਖੇਤਰ ਵਿੱਚ ਪੀਐਸਐਫਸੀ ਅਤੇ ਯੂਐੱਸਡੀਏ ਵਿਚਕਾਰ ਲਗਾਤਾਰ ਗੱਲਬਾਤ ਅਤੇ ਸਹਿਯੋਗ ਦੀ ਆਸ ਪ੍ਰਗਟਾਈ ਗਈ।
ਪੀ.ਐਸ.ਐਫ.ਸੀ. ਤੇ ਯੂ.ਐੱਸ.ਡੀ.ਏ. ਵਿਚਾਲੇ ਮੀਟਿੰਗ
ਪੰਜਾਬ ਦੇ ਕਿਸਾਨਾਂ ਦੇ ਮੁੱਦੇ ’ਤੇ ਪੀਐਸਐਫਸੀ ਤੇ ਯੂਐੱਸਡੀਏ ਵਫ਼ਦ ਵਿਚਾਲੇ ਅਹਿਮ ਚਰਚਾ
ਮੀਟਿੰਗ ਦੌਰਾਨ ਪੰਜਾਬ ਦੀ ਖੇਤੀਬਾੜੀ, ਫਸਲੀ ਵਿਭਿੰਨਤਾ, ਖੇਤੀ ਤਕਨਾਲੋਜੀ, ਨਿਰਯਾਤ, ਕਿਸਾਨਾਂ ਦੀ ਆਮਦਨ ਅਤੇ ਭਾਰਤ-ਅਮਰੀਕਾ ਖੇਤੀਬਾੜੀ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
By :
True Update
,
Harmanjot Singh
•