ਬਰਨਾਲਾ, 03 ਸਤੰਬਰ (ਹਿੰ.ਸ.) : ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਦੇ ਚਿੰਟੂ ਪਾਰਕ ਵਿਚ 45 ਲੱਖ ਦੀ ਲਾਗਤ ਵਾਲੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚਿੰਟੂ ਪਾਰਕ ਦੇ ਆਸ-ਪਾਸ ਦੇ ਇਲਾਕਿਆਂ ਵਿਚ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਾਫੀ ਕਿੱਲਤ ਆਉਂਦੀ ਸੀ। ਨਵੇਂ ਟਿਊਬਵੈੱਲ ਨਾਲ ਵਾਰਡ ਨੰਬਰ 29, 30, 39, 40 , 41 ਦੇ ਵਾਸੀਆਂ ਨੂੰ ਪਾਣੀ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਚਾਰ ਹੋਰ ਟਿਊਬਵੈੱਲ ਲਗਾਏ ਜਾ ਚੁੱਕੇ ਹਨ ਅਤੇ ਕਰੀਬ ਪੰਜ ਹੋਰ ਨਵੇਂ ਟਿਊਬਵੈਲਾਂ ਦੇ ਐਸਟੀਮੇਟ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਟਿਊਬਵੈੱਬ ਲਗਾਉਣ ਦੇ ਨਾਲ-ਨਾਲ ਪੜਾਅਵਾਰ ਪਾਇਪਲਾਈਨ ਵੀ ਬਦਲੀ ਜਾ ਰਹੀ ਹੈ। ਕਰੀਬ 80 ਕਿਲੋਮੀਟਰ ਸੀਵਰੇਜ ਪਾਇਪ ਲਾਈਨ ਬਦਲੀ ਜਾ ਰਹੀ ਹੈ ਅਤੇ ਕਈ ਥਾਵਾਂ ਤੇ ਪਹਿਲੀ ਵਾਰ ਸੀਵਰੇਜ ਸਿਸਟਮ ਵਿਛਾਇਆ ਜਾ ਰਿਹਾ ਹੈ। ਜਿਸ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਮੇਅਰ ਹਸਨ ਭਾਰਦਵਾਜ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਨਗਰ ਨਿਗਮ ਦਫ਼ਤਰ ਵਿੱਚ ਸਹਾਇਤਾ ਕੇਂਦਰ ਸਥਾਪਤ ਕੀਤਾ ਗਿਆ ਹੈ ਅਤੇ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚਿੰਟੂ ਪਾਰਕ ਤੋਂ ਇਲਾਵਾ ਕਚਹਿਰੀ ਚੌਕ ਖੇਤਰ, 22 ਏਕੜ ਅਤੇ ਸਦਰ ਬਾਜ਼ਾਰ ਸਮੇਤ ਵੱਖ-ਵੱਖ ਥਾਵਾਂ ’ਤੇ ਸਫ਼ਾਈ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀਆਂ ਦੇ ਘਰਾਂ ਅੱਗੇ ਸਕੈਨਰ ਲਗਾਏ ਜਾਣਗੇ ਅਤੇ ਸਾਰੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਹਿਯੋਗ ਦੇਣ ਅਤੇ ਸੀਵਰੇਜ ਵਿੱਚ ਪਲਾਸਟਿਕ ਦੇ ਲਿਫ਼ਾਫ਼ੇ ਜਾਂ ਹੋਰ ਕੂੜਾ ਨਾ ਸੁੱਟਣ, ਤਾਂ ਜੋ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਤੋਂ ਬਚਿਆ ਜਾ ਸਕੇ।