10 ਮੱਛੀ ਪਾਲਕਾਂ ਨੂੰ ਮੱਛੀ ਪੂੰਗ ਕਰਵਾਇਆ ਮੁਹੱਈਆ

ਮੱਛੀ ਕਾਸ਼ਤਕਾਰਾਂ ਨੂੰ ਨਵੀਨਤਮ ਤਕਨੀਕਾਂ ਬਾਰੇ ਦਿੱਤੀ ਜਾਣਕਾਰੀ

ਮੱਛੀ ਪਾਲਣ ਸਕੀਮ ਦੌਰਾਨ ਕਾਸ਼ਤਕਾਰਾਂ ਨੂੰ ਜਾਣਕਾਰੀ ਿਦੰਦੇ ਹੋਏ ਹਰਦੀਪ ਕੌਰ ਅਤੇ ਹੋਰ

By : True Update , Harmanjot Singh
ਮੱਛੀ ਕਾਸ਼ਤਕਾਰਾਂ ਨੂੰ ਨਵੀਨਤਮ ਤਕਨੀਕਾਂ ਬਾਰੇ  ਦਿੱਤੀ ਜਾਣਕਾਰੀ

ਮੋਹਾਲੀ, 14 ਅਗਸਤ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਆਤਮਾ ਸਕੀਮ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਚੁਣੇ ਗਏ 10 ਮੱਛੀ ਪਾਲਕਾਂ ਨੂੰ ਮੱਛੀ ਪੂੰਗ (ਫਿਸ਼ ਸੀਡ) ਮੁਹੱਈਆ ਕਰਵਾਇਆ ਗਿਆ। ਇਹ ਮੱਛੀ ਪੂੰਗ ਫਾਰਮ ਪਿੰਡ ਬਾਗੜੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਉਪਲੱਬਧ ਕਰਵਾਇਆ ਗਿਆ। ਆਤਮਾ ਸਕੀਮ ਤਹਿਤ ਚੁਣੇ ਗਏ ਮੱਛੀ ਕਾਸ਼ਤਕਾਰਾਂ ਦੇ ਤਲਾਬਾਂ ’ਚ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਰਾਹੀਂ ਹੋਰ ਕਿਸਾਨਾਂ ਅਤੇ ਮੱਛੀ ਪਾਲਕਾਂ ਨੂੰ ਤਲਾਬ ਪ੍ਰਬੰਧਨ, ਮੱਛੀਆਂ ਦੀ ਖੁਰਾਕ, ਪਾਣੀ ਦੀ ਗੁਣਵੱਤਾ ਅਤੇ ਉਤਪਾਦਨ ਵਧਾਉਣ ਸਬੰਧੀ ਵਿਗਿਆਨਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪਹਿਲ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਮੱਛੀ ਪਾਲਣ ਨੂੰ ਵਿਗਿਆਨਕ ਅਤੇ ਆਧੁਨਿਕ ਢੰਗ ਨਾਲ ਉਤਸ਼ਾਹਿਤ ਕਰਨਾ ਅਤੇ ਮੱਛੀ ਕਾਸ਼ਤਕਾਰਾਂ ਨੂੰ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਐੱਸ. ਏ. ਐੱਸ. ਨਗਰ ਹਰਦੀਪ ਕੌਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਕਰਵਾਈਆਂ ਜਾ ਰਹੀਆਂ ਇਹ ਗਤੀਵਿਧੀਆਂ ਮੱਛੀ ਪਾਲਕਾਂ ਨੂੰ ਆਧੁਨਿਕ ਅਤੇ ਵਿਗਿਆਨਕ ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕਰਨ ਵਿੱਚ ਸਹਾਈ ਸਿੱਧ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਮੱਛੀ ਪਾਲਕਾਂ ਨੂੰ ਵਿਹਾਰਕ ਤੌਰ ’ਤੇ ਨਵੀਆਂ ਤਕਨੀਕਾਂ ਦੀ ਜਾਣਕਾਰੀ ਮਿਲ ਰਹੀ ਹੈ, ਜਿਸ ਨਾਲ ਮੱਛੀ ਉਤਪਾਦਨ ਵਿੱਚ ਵਾਧੇ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਨੂੰ ਸਹਾਇਕ ਖੇਤੀਬਾੜੀ ਧੰਦੇ ਵਜੋਂ ਅਪਣਾਉਣ ਵਾਲੇ ਕਿਸਾਨਾਂ ਲਈ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਮੱਛੀ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਕਰਕੇ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਵੀ ਅਪੀਲ ਕੀਤੀ।