ਬੱਸਾਂ 'ਚ ਨਵੀਆਂ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਲਾਗੂ

ਪੀ.ਆਰ.ਟੀ.ਸੀ. ਦੀਆਂ ਬੱਸਾਂ 'ਚ ਜਲਦ ਸ਼ੁਰੂ ਹੋਵੇਗਾ ਆਨਲਾਈਨ ਭੁਗਤਾਣ: ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ

ਪੰਜਾਬ ਵਿੱਚ ਸਰਕਾਰੀ ਸੇਵਾਵਾਂ ਦੇ ਡਿਜੀਟਲੀਕਰਨ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਆਪਣੀਆਂ ਬੱਸਾਂ ਵਿੱਚ ਨਵੀਆਂ ਆਨਲਾਈਨ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਹੈ।

By : True Update , Harmanjot Singh
ਪੀ.ਆਰ.ਟੀ.ਸੀ. ਦੀਆਂ ਬੱਸਾਂ 'ਚ ਜਲਦ ਸ਼ੁਰੂ ਹੋਵੇਗਾ ਆਨਲਾਈਨ ਭੁਗਤਾਣ: ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ

ਪਟਿਆਲਾ, (ਹਿੰ.ਸ.) ਪੰਜਾਬ ਵਿੱਚ ਸਰਕਾਰੀ ਸੇਵਾਵਾਂ ਦੇ ਡਿਜੀਟਲੀਕਰਨ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਨੇ ਆਪਣੀਆਂ ਬੱਸਾਂ ਵਿੱਚ ਨਵੀਆਂ ਆਨਲਾਈਨ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ (ਈ.ਟੀ.ਐੱਮ.) ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਸ ਸਬੰਧੀ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ (ਆਈ.ਏ.ਐੱਸ.) ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੰਬਈ ਦੀ ਓਮਨੀਫਿਸੈਂਟ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਅਮਿਤ ਮਹਿਤਾ ਅਤੇ ਸਾਫਟਵੇਅਰ ਇੰਜੀਨੀਅਰ ਪ੍ਰਦੀਪ ਮਿਸ਼ਰਾ ਨੇ ਨਵੀਂ ਪ੍ਰਣਾਲੀ ਦਾ ਲਾਈਵ ਡੈਮੋ ਪੇਸ਼ ਕੀਤਾ। ਇਸ ਮੌਕੇ ਪਟਿਆਲਾ ਡਿਪੂ ਵਿੱਚ ਚੱਲ ਰਹੇ ਪਾਇਲਟ ਪ੍ਰੋਜੈਕਟ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਅਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਵਾਂ 'ਤੇ ਵਿਚਾਰ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੇ ਸੂਬੇ ਦੇ ਸਮੂਹ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ। ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਦੱਸਿਆ ਕਿ ਨਵੀਆਂ ਈ.ਟੀ.ਐੱਮ. ਮਸ਼ੀਨਾਂ ਰਾਹੀਂ ਯਾਤਰੀ ਨਕਦ ਦੀ ਥਾਂ ਯੂ.ਪੀ.ਆਈ., ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦੀ ਅਦਾਇਗੀ ਕਰ ਸਕਣਗੇ, ਜਿਸ ਨਾਲ ਟਿਕਟਿੰਗ ਪ੍ਰਕਿਰਿਆ ਹੋਰ ਤੇਜ਼, ਸੁਵਿਧਾਜਨਕ ਅਤੇ ਪਾਰਦਰਸ਼ੀ ਬਣੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੀ.ਆਰ.ਟੀ.ਸੀ. ਵੱਲੋਂ ਜਲਦ ਹੀ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਜਾਵੇਗੀ। ਇਸ ਐਪ ਰਾਹੀਂ ਯਾਤਰੀ ਬੱਸਾਂ ਦੀ ਲਾਈਵ ਲੋਕੇਸ਼ਨ, ਆਨਲਾਈਨ ਟਿਕਟ ਬੁਕਿੰਗ ਅਤੇ ਬੱਸਾਂ ਦੇ ਸਮੇਂ ਦੀ ਸਾਰਣੀ ਸਮੇਤ ਹੋਰ ਮਹੱਤਵਪੂਰਨ ਜਾਣਕਾਰੀ ਆਪਣੇ ਮੋਬਾਈਲ ਫੋਨ 'ਤੇ ਹੀ ਪ੍ਰਾਪਤ ਕਰ ਸਕਣਗੇ। ਚੇਅਰਮੈਨ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਆਈ.ਟੀ. ਸੈੱਲ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਯਾਤਰੀਆਂ ਨੂੰ ਆਧੁਨਿਕ ਡਿਜੀਟਲ ਸਹੂਲਤਾਂ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਾਂ ਜਾਰੀ ਰਹਿਣਗੀਆਂ। ਉਨ੍ਹਾਂ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਵੀ ਕੀਤਾ।