ਪਰਿਵਾਰ ਦੇ ਸਾਹਮਣੇ ਹੋਇਆ ਹਾਦਸਾ

ਇਟਲੀ ’ਚ ਮੋਗਾ ਦੇ ਨੌਜਵਾਨ ਦੀ ਹਾਦਸੇ ’ਚ ਮੌਤ

ਪਤਨੀ ਅਤੇ 8 ਤੇ 10 ਸਾਲ ਦੇ ਦੋਵੇਂ ਬੱਚੇ ਕਾਰ ਅੰਦਰ ਬੈਠੇ ਕਰ ਰਹੇ ਸੀ ਉਸ ਦੀ ਉਡੀਕ 

By : True Update , Sukhwinder Kaur
ਇਟਲੀ ’ਚ ਮੋਗਾ ਦੇ ਨੌਜਵਾਨ ਦੀ ਹਾਦਸੇ ’ਚ ਮੌਤ

ਮ੍ਰਿਤਕ ਰਣਧੀਰ ਸਿੰਘ ਦੀ ਫੋਟੋ

ਮੋਗਾ, 23 ਅਗਸਤ (ਹਿੰ.ਸ.) : ਇਟਲੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 44 ਸਾਲਾ ਰਣਧੀਰ ਸਿੰਘ ਵਜੋਂ ਹੋਈ ਹੈ। ਉਹ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਇਹ ਹਾਦਸਾ ਇਟਲੀ ਦੇ ਮਨਤੋਵਾ ਜ਼ਿਲ੍ਹੇ ਦੇ ਸ਼ਹਿਰ ਕਸਤੀਲਿਉਨੇ ਦੇਲੇ ਸਤਾਵੀਏਰੇ ਵਿੱਚ ਵਾਪਰਿਆ। ਇਟਾਲੀਅਨ ਮੀਡੀਆ ਮੁਤਾਬਕ ਸ਼ੁੱਕਰਵਾਰ ਸ਼ਾਮ ਰਣਧੀਰ ਸਿੰਘ ਇੱਕ ਦੁਕਾਨ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾ ਰਿਹਾ ਸੀ। ਇਸ ਦੌਰਾਨ ਇੱਕ ਜੀਪ ਕੰਪਾਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਸਮੇਂ ਰਣਧੀਰ ਸਿੰਘ ਦੀ 43 ਸਾਲਾ ਪਤਨੀ ਅਤੇ 8 ਤੇ 10 ਸਾਲ ਦੇ ਦੋਵੇਂ ਬੱਚੇ ਕਾਰ ਅੰਦਰ ਬੈਠੇ ਉਸ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰਣਧੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ। ਵੇਰੋਨਾ ਤੋਂ ਹੈਲੀਕਾਪਟਰ ਸਮੇਤ ਮੈਡੀਕਲ ਟੀਮਾਂ ਵੀ ਘਟਨਾ ਸਥਾਨ ’ਤੇ ਪਹੁੰਚੀਆਂ ਅਤੇ ਜ਼ਖ਼ਮੀ ਰਣਧੀਰ ਸਿੰਘ ਨੂੰ ਬਚਾਉਣ ਦੀ ਕੋਸ਼ੀਸ਼ ਕੀਤੀ ਗਈ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। ਪਤੀ ਦੀ ਮੌਤ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖਣ ਤੋਂ ਬਾਅਦ ਰਣਧੀਰ ਸਿੰਘ ਦੀ ਪਤਨੀ ਡੂੰਘੇ ਸਦਮੇ ਵਿੱਚ ਚਲੀ ਗਈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਦੇਹ ਨੂੰ ਮਨਤੋਵਾ ਦੇ ਸਰਕਾਰੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੀਪ ਨੂੰ 49 ਸਾਲਾ ਮੋਰੱਕੋ ਮੂਲ ਦਾ ਵਿਅਕਤੀ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਜੀਪ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਅਤੇ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਮੋਗਾ ਦੇ ਪਿੰਡ ਬਿਲਾਸਪੁਰ ਵਿੱਚ ਰਣਧੀਰ ਸਿੰਘ ਦੀ ਮੌਤ ਦੀ ਖ਼ਬਰ ਪਹੁੰਚਣ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੀ ਦੇਹ ਭਾਰਤ ਲਿਆਉਣ ਸਬੰਧੀ ਅਗਲੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।