ਚੰਡੀਗੜ੍ਹ, 29 ਅਗਸਤ (ਹਿੰ.ਸ.) ਜਲੰਧਰ ਦੇ ਨਕੋਦਰ ਚੌਕ ਅਤੇ ਵਿਵੇਕ ਇੰਟਰਨੈਸ਼ਨਲ ਹੋਟਲ ਨੇੜੇ ਸ਼ੁੱਕਰਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਅਤੇ ਬੇਕਾਬੂ ਕਾਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਇੱਕ ਬਾਈਕ ਸਵਾਰ ਵੀ ਕਾਰ ਦੀ ਲਪੇਟ 'ਚ ਆ ਗਿਆ, ਪਰ ਉਸ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਹਾਲਾਂਕਿ ਉਸ ਦੀ ਸਪਲੈਂਡਰ ਬਾਈਕ ਕਾਰ ਦੇ ਹੇਠਾਂ ਬੁਰੀ ਤਰ੍ਹਾਂ ਫਸ ਕੇ ਨੁਕਸਾਨੀ ਗਈ। ਜਾਣਕਾਰੀ ਮੁਤਬਕ ਚੰਡੀਗੜ੍ਹ ਨੰਬਰ ਵਾਲੀ ਕਿਆ ਸੈਲਟੋਸ ਕਾਰ ਦੇ ਡਰਾਈਵਰ ਨੇ ਸੜਕ ਕਿਨਾਰੇ ਖੜ੍ਹੀਆਂ 2-3 ਕਾਰਾਂ ਨੂੰ ਵੀ ਜ਼ੋਰਦਾਰ ਟੱਕਰਾਂ ਮਾਰੀਆਂ। ਜਿਸ ਕਾਰਨ ਕਈ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਕਾਰ ਚਾਲ ਰਿਹਾ ਵਿਅਕਤੀ ਬਨਿਆਨ ਵਿੱਚ ਸੜਕ ’ਤੇ ਘੁੰਮਦਾ ਨਜ਼ਰ ਆਇਆ, ਜਿਸ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਨੇ ਕਾਰ ਭਜਾ ਕੇ ਮੌਕੇ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਉਸ ਨੂੰ ਘੇਰ ਕੇ ਫੜ ਲਿਆ। ਪੀੜਤ ਬਾਈਕ ਸਵਾਰ ਮੋਹਿਤ, ਜੋ ਇੱਕ ਬੈਂਕ ਵਿੱਚ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਸੜਕ ਕਿਨਾਰੇ ਆਪਣੀ ਬਾਈਕ ਖੜ੍ਹੀ ਕਰਕੇ ਕਿਸੇ ਨਾਲ ਫੋਨ ’ਤੇ ਗੱਲ ਕਰ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਮੋਹਿਤ ਨੇ ਦੱਸਿਆ ਕਿ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਸਪਲੈਂਡਰ ਬਾਈਕ ਕਾਰ ਦੇ ਹੇਠਾਂ ਫਸ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੀਸੀਆਰ-112 ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਰ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਨੰਬਰ-4 ਲੈ ਗਈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਸ ਨੂੰ ਆਪਣਾ ਨਾਮ ਜਾਂ ਹੋਸ਼ ਤੱਕ ਨਹੀਂ ਸੀ। ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸਭ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਵਿਵੇਕ ਇੰਟਰਨੈਸ਼ਨਲ ਹੋਟਲ ਦੇ ਬਾਹਰ ਗੈਰ-ਕਾਨੂੰਨੀ ਪਾਰਕਿੰਗ ਕਾਰਨ ਸੜਕ ’ਤੇ ਆਵਾਜਾਈ ਪ੍ਰਭਾਵਿਤ ਤਾਂ ਨਹੀਂ ਹੋ ਰਹੀ ਸੀ। ਪੁਲਿਸ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।