ਚੰਡੀਗੜ੍ਹ, 8 ਅਗਸਤ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 'ਸ਼ੇਰ-ਏ-ਪੰਜਾਬ ਟਵੰਟੀ-20 ਲੀਗ' ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਵਿੱਚ ਛੇ ਫ਼੍ਰੈਂਚਾਇਜ਼ੀ ਟੀਮਾਂ ਸ਼ਾਮਲ ਹਨ। ਇਨ੍ਹਾਂ ਟੀਮਾਂ ਵਿੱਚ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਸਮੇਤ ਪੰਜਾਬ ਦੇ ਸਟਾਰ ਕ੍ਰਿਕਟਰ ਖੇਡਣਗੇ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਵਿੱਚ ਖੇਡੀ ਜਾਵੇਗੀ। 9 ਅਗਸਤ ਨੂੰ ਹੋਣ ਵਾਲੀ ਨਿਲਾਮੀ ਵਿੱਚ ਪੰਜਾਬ ਦੇ 450 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ, ਜਿਸ ਨਾਲ ਉੱਭਰਦੀ ਪ੍ਰਤਿਭਾ ਨੂੰ ਸਥਾਪਤ ਖਿਡਾਰੀਆਂ ਨਾਲ ਖੇਡਣ ਦਾ ਇੱਕ ਵੱਡਾ ਮੌਕਾ ਤੇ ਮੰਚ ਮਿਲੇਗਾ। ਖਿਡਾਰੀਆਂ ਨਾਲ ਕੁਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ “ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਦੇ ਖਿਡਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਨਾਮਵਰ ਖਿਡਾਰੀ ਦਿੱਤੇ ਹਨ। ਸਾਡੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਹੋਰ ਅੱਗੇ ਲਿਜਾਣ ਲਈ ਲਗਾਤਾਰ ਯਤਨਸ਼ੀਲ ਹੈ।
ਮੁੱਖ ਮੰਤਰੀ ਨੇ ਜ਼ਿਕਰ ਕੀਤਾ, “ਸੂਬੇ ਭਰ ਵਿੱਚ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਖੇਡ ਮੁਕਾਬਲੇ ਹਰ ਸਾਲ ਸਫ਼ਲਤਾਪੂਰਵਕ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 3,100 ਤੋਂ ਵੱਧ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਪੰਜਾਬ ਅਕਤੂਬਰ-ਨਵੰਬਰ ਵਿੱਚ ਪਹਿਲੀ ਵਾਰ 'ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ' ਦੀ ਮੇਜ਼ਬਾਨੀ ਕਰੇਗਾ ਅਤੇ ਹੁਣ ਸੂਬੇ ਦੀ ਆਪਣੀ ਕ੍ਰਿਕਟ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ।” ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਸਕੱਤਰ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੀਤ ਪ੍ਰਧਾਨ ਦੀਪਕ ਬਾਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਨਮਾਨ ਵਜੋਂ ਲੀਗ ਦੇ ਲੋਗੋ ਵਾਲੀ ਟੀ-ਸ਼ਰਟ ਭੇਟ ਕੀਤੀ। ਇਸ ਮੌਕੇ ਭਾਰਤੀ ਟੀਮ ਦੇ ਖਿਡਾਰੀ ਅਭਿਸ਼ੇਕ ਸ਼ਰਮਾ, ਅਰਸ਼ਦੀਪ ਸਿੰਘ, ਪ੍ਰਭਸਿਮਰਨ ਸਿੰਘ ਅਤੇ ਰਮਨਦੀਪ ਸਿੰਘ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਤਿਕਾਰ ਵਜੋਂ ਕ੍ਰਿਕਟ ਬੱਲਾ ਅਤੇ ਗੇਂਦ ਭੇਟ ਕੀਤੀ।